ਪਿਆਰੇ ਵਿਦਿਆਰਥੀਓ!
ਪੜ੍ਹਨਾ ਅਤੇ ਸਿੱਖਣਾ ਇਕ ਹੀ ਮਕਸਦ ਵੱਲ ਲਿਜਾਣ ਵਾਲੀਆਂ ਦੋ ਅਲੱਗ-ਅਲੱਗ ਵਿਧੀਆਂ ਹਨ। ਪੜ੍ਹਨਾ ਕਿਸੇ ਵੀ ਵਿਸ਼ੇ ਦੇ ਉਦੇਸ਼ ਅਤੇ ਅਰਥ ਨੂੰ ਕੇਵਲ ਸਮਝਣਾ ਹੈ ਜਦ ਕਿ ਸਿੱਖਣਾ ਇੱਕ ਨਿਰੰਤਰ ਚਲਣ ਵਾਲੀ ਪਕਿਰਿਆ ਹੈ ਜਿਸ ਦੇ ਅੰਤਰਗਤ ਅਭਿਆਸ ਰਾਹੀਂ ਸਿੱਖਿਆਰਥੀ ਦੇ ਸੋਚਣ ਦੇ ਢੰਗ ਵਿੱਚ ਬਦਲਾਅ ਆਉਂਦਾ ਹੈ।
ਜੀ.ਕੇ.ਐਸ.ਐਮ. ਸਰਕਾਰੀ ਕਾਲਜ ਟਾਂਡਾ ਦਾ ਇਹ ਵਿਦਿਅਕ ਅਦਾਰਾ, ਗਿਆਨੀ ਕਰਤਾਰ ਸਿੰਘ ਜੀ ਦੁਆਰਾ ਇਸ ਪੜ੍ਹਨ ਅਤੇ ਸਿੱਖਣ ਦੀ ਲੋਣ ਦੀ ਪੂਰਤੀ ਵਾਸਤੇ ਸਥਾਪਿਤ ਕੀਤਾ ਗਿਆ। ਸਿੱਖਣ ਦੀ ਦਿਸ਼ਾ ਵਲ ਸਭ ਤੋਂ ਪਹਿਲਾ ਕਦਮ ਹੈ ਟੀਚਾ ਜਾਂ ਗੋਲ ਨਿਰਧਾਰਤ ਕਰਨਾ। 'ਟੀਚਾ' ਨਾ ਤਾਂ ਕੋਈ ਤਕਨੀਕੀ ਪੇਚਦਾਰ ਸ਼ਬਦ ਹੈ ਅਤੇ ਨਾ ਹੀ ਇਸ ਨੂੰ ਨਿਰਧਾਰਤ ਕਰਨਾ ਕੋਈ ਗੁੰਝਲਦਾਰ ਸਮੱਸਿਆ, ਸਗੋਂ ਮਿਥਿਆ ਹੋਇਆ ਟੀਚਾ ਆਪਣੇ ਆਪ ਹਰ ਸਮੱਸਿਆ ਦੇ ਹਲ ਦਾ ਰਾਹ ਖੋਲਦਾ ਹੈ।
ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਵਿਚ ਤੁਸੀਂ ਕਈ ਵਾਰ ਟੀਚੇ ਮਿਥੇ ਹੋਣਗੇ ਅਤੇ ਮਹਿਸੂਸ ਵੀ ਕੀਤਾ ਹੋਏਗਾ ਕਿ ਦਿਮਾਗ ਵਿੱਚ ਜੇ ਗੋਲ ਸਪਸ਼ੱਟ ਹੈ ਤਾਂ ਉਸ ਤੱਕ ਪਹੁੰਚਣ ਦਾ ਕੰਮ ਆਸਾਨ ਹੋ ਜਾਂਦਾ ਹੈ। ਜੇ ਤੁਸੀਂ ਕਿਤੇ ਘੁੰਮਣ ਜਾਣ ਦਾ ਵਿਚਾਰ ਵੀ ਬਣਾਉਂ ਦੇ ਹੋ ਤਾਂ ਪਹਿਲਾਂ ਇਹ ਤਹਿ ਕਰਦੇ ਹੋ ਕਿ ਕਿੱਥੇ ਜਾਣਾ ਹੈ। ਕਿੱਥੇ ਜਾਣਾ ਹੈ ਇਹ ਤਹਿ ਕਰਦਿਆਂ ਸਾਰ ਹੀ ਉਸ ਤੱਕ ਪਹੁੰਚਣ ਦੇ ਜ਼ਰੀਏ ਆਪਣੇ ਆਪ ਸ਼ਪਸ਼ਟ ਹੁੰਦੇ ਰਹਿੰਦੇ ਹਨ। ਜਦੋਂ ਕਦੇ ਵੀ ਤੁਸੀਂ ਬਸ ਵਿੱਚ ਬੈਠ ਕੇ ਕੋਈ ਸਫਰ ਕਰਨ ਲੱਗਦੇ ਹੋ ਕੰਡਕਟਰ ਦਾ ਪਹਿਲਾ ਸੁਆਲ ਵੀ ਇਹੀ ਹੁੰਦਾ ਹੈ ਕਿ ਕਿਥੇ ਜਾਣਾ ਹੈ। ਸੋ ਅੱਜ ਤੋਂ ਤਾਂ ਤੁਸੀਂ ਉਚੇਰੀ ਵਿਦਿਆ ਦਾ ਸਫਰ ਤਹਿ ਕਰਨ ਜਾ ਰਹੇ ਹੋ, ਜਿਸ ਵਿੱਚ ਟੀਚਾ ਨਿਰਧਾਰਤ ਕਰਨਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂ ਕਿ ਇਸ ਹੀ ਸਫਰ ਨੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਮੰਜ਼ਿਲ ਤੱਕ ਪਹੁੰਚਾਣਾ ਹੈ। ਇਸ ਕਾਲਜ ਵਿਖੇ ਦਾਖਲਾ ਲੈਣ ਲੱਗਿਆਂ ਟੀਚਾ ਮਿਥ ਕੇ ਆਓ। ਇਸ ਕਾਲਜ ਵਿੱਚ ਪੜ੍ਹਨ ਅਤੇ ਸਿੱਖਣ ਦੇ ਪੂਰੇ ਮੌਕੇ ਉਪਲਬਧ ਹਨ ਅਤੇ ਉੱਚ ਵਿਦਿਆ ਪ੍ਰਾਪਤ ਤਜਰਬੇਕਾਰ ਅਧਿਆਪਕਾਂ ਦੀ ਅਗਵਾਈ ਹੈ, ਪਰ ਹਾਂ, ਪੜ੍ਹਨ ਅਤੇ ਸਿੱਖਣ ਦੀ ਭਾਵਨਾ ਜ਼ਰੂਰ ਲੈ ਕੇ ਆਇਓ ਕਿਉਂ ਕਿ ਜਿਵੇਂ ਮੂਸਲਾਧਾਰ ਮੀਂਹ ਪੈਂਣ ਦੇ ਬਾਵਜੂਦ ਵੀ ਮੂਧੇ ਪਏ ਘੜ੍ਹੇ ਦੇ ਅੰਦਰ ਇੱਕ ਬੂੰਦ ਪਾਣੀ ਨਹੀਂ ਜਾ ਸਕਦਾ ਠੀਕ ਉਸੇ ਤਰ੍ਹਾਂ ਸਿੱਖਣ ਦੀ ਇੱਛਾ ਤੋਂ ਸੱਖਣੇ ਵਿਦਿਆਰਥੀ ਨੂੰ ਕੋਈ ਅਧਿਆਪਕ ਕੁੱਝ ਨਹੀਂ ਸਿਖਾ ਸਕਦਾ।
ਮੇਰੇ ਵਲੋਂ ਅਤੇ ਇਸ ਕਾਲਜ ਦੇ ਸਮੂਹ ਸਟਾਫ ਵਲੋਂ ਆਪ ਦਾ ਨਿੱਘਾ ਸੁਆਗਤ ਹੈ।
ਸ਼੍ਰੀਮਤੀ ਰਜਿੰਦਰ ਕੌਰ
ਪ੍ਰਿੰਸੀਪਲ